Saturday, March 31, 2012

ਸਿੱਖਿਆ ਦੇ ਅਧਿਕਾਰ ਕਾਨੂੰਨ ਤਹਿਤ ਬਣਨਗੀਆਂ ਨਵੀਆਂ ਸਕੂਲ ਪ੍ਰਬੰਧਕ ਕਮੇਟੀਆਂ

ਸਿੱਖਿਆ ਦੇ ਅਧਿਕਾਰ ਕਾਨੂੰਨ ਤਹਿਤ ਬਣਨਗੀਆਂ ਨਵੀਆਂ ਸਕੂਲ ਪ੍ਰਬੰਧਕ ਕਮੇਟੀਆਂ

Posted On March - 30 - 2012
ਪੱਤਰ ਪ੍ਰੇਰਕ
ਫਾਜ਼੍ਰਿਲਕਾ, 30 ਮਾਰਚ
ਭਾਰਤ ਸਰਕਾਰ ਦੇ ਸਿੱਖਿਆ ਦੇ ਅਧਿਕਾਰ ਕਾਨੂੰਨ-2009 ਤਹਿਤ ਹੁਣ ਸਕੂਲਾਂ ਦਾ ਪ੍ਰਬੰਧ ਚਲਾਉਣ ਲਈ ਨਵੀਆਂ ਸਕੂਲ ਪ੍ਰਬੰਧਕ ਕਮੇਟੀਆਂ ਦਾ ਗਠਨ ਕਰਨ ਸਬੰਧੀ ਜ਼ਿਲ੍ਹੇ ਦੇ ਸਾਰੇ ਸੀਨੀਅਰ ਸੈਕੰਡਰੀ, ਹਾਈ, ਮਿਡਲ ਅਤੇ ਪ੍ਰਾਇਮਰੀ ਸਕੂਲਾਂ ਦੇ ਮੁਖੀਆਂ ਨੂੰ ਪੱਤਰ ਤੇ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਦੀਪ ਕੁਮਾਰ ਧੂੜੀਆ ਜ਼ਿਲ੍ਹਾ ਸਿੱਖਿਆ ਅਧਿਕਾਰੀ ਫਾਜ਼ਿਲਕਾ ਨੇ ਦੱਸਿਆ ਕਿ ਰਾਈਟ ਆਫ ਚਿਲਡਰਨ ਟੂ ਫਰੀ ਐਂਡ ਕੰਪਲਸਰੀ ਐਜੂਕੇਸ਼ਨ ਐਕਟ-2009 ਦੀ ਧਾਰਾ 21 ਅਤੇ ਪੰਜਾਬ ਰਾਈਟ ਆਫ ਚਿਲਡਰਨ ਟੂ ਫਰੀ ਐਂਡ ਕੰਪਲਸਰੀ ਐਜੂਕੇਸ਼ਨ ਰੂਲਜ਼-2011 ਦੇ ਨਿਯਮ 13 ਅਨੁਸਾਰ ਹਰੇਕ ਸਕੂਲ ਲਈ ਪਹਿਲਾਂ ਚੱਲ ਰਹੀਆਂ ਪੇਂਡੂ ਸਿੱਖਿਆ ਵਿਕਾਸ ਕਮੇਟੀਆਂ (ਪਸਵਕ) ਤੇ ਸ਼ਹਿਰੀ ਸਿੱਖਿਆ ਵਿਕਾਸ ਕਮੇਟੀਆਂ (ਸਸਵਕ) ਦੀ ਥਾਂ ’ਤੇ ਸਕੂਲ ਪ੍ਰਬੰਧਕ ਕਮੇਟੀਆਂ ਗਠਤ ਕੀਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਪਹਿਲੀ ਅਪਰੈਲ 2012 ਤੋਂ ਨਵੀਂਆਂ ਸਕੂਲ ਪ੍ਰਬੰਧਕ ਕਮੇਟੀਆਂ ਕਾਰਜ ਸੰਭਾਲਣਗੀਆਂ ਅਤੇ ਇਨ੍ਹਾਂ ਦਾ ਕਾਰਜਕਾਲ 2 ਸਾਲ ਹੋਵੇਗਾ। ਹਰੇਕ ਸਕੂਲ ਲਈ ਪ੍ਰਬੰਧਕ ਕਮੇਟੀ ਦਾ ਗਠਨ ਕਰਨਾ ਲਾਜ਼ਮੀ ਹੋਵੇਗਾ। ਸ੍ਰੀ ਧੂੜੀਆ ਨੇ ਦੱਸਿਆ ਕਿ ਨਵੀਆਂ ਗਠਤ ਹੋਣ ਵਾਲੀਆਂ ਕਮੇਟੀਆਂ ’ਚ ਇਕਸਾਰਤਾ ਰੱਖਣ ਲਈ ਮੈਂਬਰਾਂ ਦੀ ਕੁੱਲ ਗਿਣਤੀ 12 ਹੋਵੇਗੀ। ਇਨ੍ਹਾਂ ’ਚ 9 ਮੈਂਬਰ ਬੱਚਿਆਂ ਦੇ ਮਾਪਿਆਂ ਜਾਂ ਸਰਪ੍ਰਸਤਾਂ ’ਚੋਂ ਲਏ ਜਾਣਗੇ ਜਿਨ੍ਹਾਂ ’ਚ 5 ਔਰਤਾਂ ਤੇ 4 ਪੁਰਸ਼ ਲੈਣੇ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਕੰਮ ਕਰ ਰਹੀਆਂ ਪਸਵਕ ਅਤੇ ਸਸਵਕ ਕਮੇਟੀਆਂ 31 ਮਾਰਚ ਤੱਕ ਆਪਣਾ ਕੰਮ ਪੂਰਾ ਕਰਕੇ ਭੰਗ ਹੋ ਜਾਣਗੀਆਂ।

0 comments

Post a Comment

thanks