Wednesday, January 11, 2012

ਚੌਣ ਡਿਊਟੀ ਦੇਣ ਵਾਲੇ ਮੁਲਾਜਮਾਂ ਨੂੰ ਮਿਤੀ 31.1.2012 ਦੀ ਹੋਵੇਗੀ ਵਿਸ਼ੇਸ਼ ਛੁੱਟੀ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਜਨਵਰੀ
ਪੰਜਾਬ ਦੀ ਮੁੱਖ ਚੋਣ ਅਧਿਕਾਰੀ ਕੁਸੁਮਜੀਤ ਸਿੱਧੂ ਨੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਵਫਦ ਨਾਲ ਚੋਣ ਡਿਊਟੀਆਂ ਦੇ ਮਾਮਲੇ ’ਤੇ ਗੱਲ ਕਰਦਿਆਂ ਪਤੀ-ਪਤਨੀ ਦੀ ਚੋਣ ਡਿਊਟੀ ਲੱਗਣ ਦੀ ਸੂਰਤ ਵਿੱਚ ਪਤਨੀਆਂ ਨੂੰ ਚੋਣ ਡਿਊਟੀ ਤੋਂ ਛੋਟ ਦੇਣ ਦੀ ਮੰਗ ’ਤੇ ਕਿਹਾ ਕਿ ਅਜਿਹੇ ਮਾਮਲਿਆਂ ’ਤੇ ਫੈਸਲਾ ਲੈਣ ਬਾਰੇ ਡਿਪਟੀ ਕਮਿਸ਼ਨਰਾਂ ਨੂੰ ਕਹਿ ਦਿੱਤਾ ਹੈ। ਮੁੱਖ ਚੋਣ ਅਧਿਕਾਰੀ ਨੇ ਸਪੱਸ਼ਟ  ਕੀਤਾ ਕਿ ਚੋਣ ਡਿਊਟੀ ਦੇ ਮਾਮਲੇ ਵਿੱਚ ਕਿਸੇ ਮੁਲਾਜ਼ਮ ਨੂੰ ਛੋਟ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਰਭਵਤੀ ਮਹਿਲਾਵਾਂ ਨੂੰ ਛੱਡ ਕੇ ਹੋਰ ਕਿਸੇ ਵੀ ਮਹਿਲਾ ਮੁਲਾਜ਼ਮ ਨੂੰ ਡਿਊਟੀ ਤੋਂ ਛੋਟ ਨਹੀਂ ਦਿੱਤੀ ਜਾਵੇਗੀ। ਅਪਹਾਜ ਮੁਲਾਜ਼ਮਾਂ ਨੂੰ ਭਾਵੇਂ ਚੋਣ ਡਿਊਟੀ ਤੋਂ ਛੋਟ ਦਿੱਤੀ ਗਈ ਹੈ ਪਰ ਘੱਟ ਅਪਹਾਜਤਾ ਵਾਲੇ ਮੁਲਾਜ਼ਮਾਂ ਦੀਆਂ ਸੇਵਾਵਾਂ ਸੁਖਾਲੀ ਡਿਊਟੀ ’ਤੇ ਲਾਈਆਂ ਜਾਣਗੀਆਂ। ਉਨ੍ਹਾਂ ਐਲਾਨ ਕੀਤਾ ਕਿ ਚੋਣ ਡਿਊਟੀ ਵਾਲੇ ਮੁਲਾਜ਼ਮਾਂ ਨੂੰ 31 ਜਨਵਰੀ ਨੂੰ ਵਿਸ਼ੇਸ਼ ਛੁੱਟੀ ਦੇਣ ਦਾ ਫੈਸਲਾ ਕੀਤਾ ਹੈ ਜਦਕਿ ਚੋਣ ਡਿਊਟੀ ਦੇਣ ਵਾਲਿਆਂ ਨੂੰ ਟਰੇਨਿੰਗ ਦੇ ਸਮੇਂ ਦਾ ਮਿਹਨਤਾਨਾ ਵੀ ਮਿਲੇਗਾ।ਮੁੱਖ ਚੋਣ ਅਧਿਕਾਰੀ ਨੇ ਸਾਫ ਕੀਤਾ ਕਿ ਤਨਖਾਹਾਂ ਦੇ ਭੁਗਤਾਨ ’ਤੇ ਕੋਈ ਰੋਕ ਨਹੀਂ ਹੈ। ਤਰੱਕੀਆਂ ਦੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਦੀ ਇਜਾਜ਼ਤ ਤੋਂ ਬਿਨਾਂ ਕੋਈ ਵੀ ਫੈਸਲਾ ਨਹੀਂ ਲਿਆ ਜਾ ਸਕਦਾ ਪਰ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ਵਿੱਚ   ਵੱਡੇ ਪੱਧਰ ’ਤੇ ਤਰੱਕੀਆਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਸ ਮਾਮਲੇ ਵਿੱਚ ਜੇ ਕੋਈ ਵਿਚਾਰ ਕਰਨਾ ਵੀ ਹੋਇਆ ਤਾਂ ਲੋੜ ਪੈਣ ’ਤੇ ਮੁੱਖ ਸਕੱਤਰ ਤੇ ਪ੍ਰਬੰਧਕੀ ਸਕੱਤਰਾਂ ਦਾ ਪੱਖ ਲਿਆ ਜਾ ਸਕਦਾ ਹੈ। ਬੂਥ ਪੱਧਰੀ ਅਫਸਰਾਂ ਵੱਲੋਂ ਡਿਊਟੀ ਦੇ ਚੁੱਕੇ ਮੁਲਾਜ਼ਮਾਂ ਨੂੰ ਭੁਗਤਾਨ ਨਾ ਕੀਤੇ ਦੇ ਮਾਮਲੇ ਸਬੰਧੀ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਪੁੱਛਿਆ ਜਾਵੇਗਾ ਕਿ ਹਾਲੇ ਤੱਕ ਭੁਗਤਾਨ ਕਿਉਂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਬੂਥ ਪੱਧਰੀ ਅਫਸਰਾਂ ਨੂੰ ਚੋਣ ਡਿਊਟੀ ਦੇ ਨਾਲ ਚੋਣ ਅਮਲੇ ਦੇ ਕੰਮ ਲਈ ਵੱਖਰਾ ਮਿਹਨਤਾਨਾ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਫੰਡ ਡਿਪਟੀ ਕਮਿਸ਼ਨਰਾਂ ਨੂੰ ਦੇ ਦਿੱਤੇ ਗਏ ਹਨ ਅਤੇ ਜਲਦੀ ਹੀ ਸਾਰਿਆਂ ਨੂੰ ਮਿਹਨਤਾਨਾ ਮਿਲ ਜਾਵੇਗਾ।

0 comments

Post a Comment

thanks